ਆਸਕਰ ਜੇਤੂ ਅਦਾਕਾਰ ਅਤੇ ਨਿਰਦੇਸ਼ਕ ਰਾਬਰਟ ਰੈੱਡਫੋਰਡ ਦਾ ਦੇਹਾਂਤ

ਆਸਕਰ ਜੇਤੂ ਅਦਾਕਾਰ ਤੇ ਨਿਰਦੇਸ਼ਕ ਰਾਬਰਟ ਰੈੱਡਫੋਰਡ

ਹਾਲੀਵੁੱਡ ਦੇ “ਗੋਲਡਨ ਬੌਇ” ਕਹੇ ਜਾਣ ਵਾਲੇ ਆਸਕਰ ਜੇਤੂ ਅਦਾਕਾਰ, ਨਿਰਦੇਸ਼ਕ ਅਤੇ ਸੁਤੰਤਰ ਸਿਨੇਮਾ ਦੇ ਆਗੂ ਰਾਬਰਟ ਰੈੱਡਫੋਰਡ 89 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।

ਰੈੱਡਫੋਰਡ ਦੀ ਮੌਤ ਯੂਟਾਹ ਦੇ ਪਹਾੜਾਂ ਵਿੱਚ ਸਨਡੈਂਸ ਸਥਿਤ ਉਸਦੇ ਘਰ ਵਿੱਚ ਹੋਈ। ਇਹ ਉਹ ਜਗ੍ਹਾ ਸੀ ਜਿਸਨੂੰ ਉਹ ਆਪਣੇ ਦਿਲ ਦੇ ਨੇੜੇ ਰੱਖਦੇ ਸਨ। ਹਾਲਾਂਕਿ ਮੌਤ ਦੇ ਕਾਰਨ ਬਾਰੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ।

ਹਾਲੀਵੁੱਡ ਦਾ ਸਫ਼ਰ

1960 ਦੇ ਦਹਾਕੇ ਵਿੱਚ ਰੈੱਡਫੋਰਡ ਨੇ ਫਿਲਮੀ ਦੁਨੀਆ ਵਿੱਚ ਵੱਡੀ ਪਛਾਣ ਬਣਾਈ। 1970 ਦੇ ਦਹਾਕੇ ਵਿੱਚ ਉਹ ਸਬ ਤੋਂ ਵੱਡੇ ਸਿਤਾਰਿਆਂ ‘ਚੋਂ ਇੱਕ ਬਣੇ। “ਦ ਕੈਂਡੀਡੇਟ”, “ਆਲ ਦ ਪ੍ਰੈਜ਼ੀਡੈਂਟਸ ਮੈਨ” ਅਤੇ “ਦ ਵੇਅ ਵੀ ਵੇਅਰ” ਵਰਗੀਆਂ ਫਿਲਮਾਂ ਨੇ ਉਨ੍ਹਾਂ ਨੂੰ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਦਵਾਈ।

1980 ਵਿੱਚ ਫਿਲਮ “ਆਰਡੀਨਰੀ ਪੀਪਲ” ਲਈ ਉਨ੍ਹਾਂ ਨੂੰ ਸਰਵੋਤਮ ਨਿਰਦੇਸ਼ਕ ਦਾ ਆਸਕਰ ਮਿਲਿਆ।

ਖ਼ਾਸ ਅੰਦਾਜ਼ ਤੇ ਵਿਰਾਸਤ

ਰੈੱਡਫੋਰਡ ਦੇ ਸੁਨਹਿਰੇ ਵਾਲ ਅਤੇ ਮੁਸਕਰਾਹਟ ਨੇ ਉਨ੍ਹਾਂ ਨੂੰ ਹਾਲੀਵੁੱਡ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚ ਸ਼ਾਮਲ ਕੀਤਾ। 2018 ਵਿੱਚ ਉਹਨਾਂ ਨੇ ਆਪਣੀ ਆਖ਼ਰੀ ਫਿਲਮ “ਦ ਓਲਡ ਮੈਨ ਐਂਡ ਦ ਗਨ” ਨਾਲ ਫਿਰ ਇੱਕ ਵਾਰ ਪ੍ਰਸ਼ੰਸਾ ਹਾਸਲ ਕੀਤੀ।

ਉਸ ਵੇਲੇ ਉਨ੍ਹਾਂ ਨੇ ਕਿਹਾ ਸੀ: “ਮੈਂ ਆਪਣੇ ਲੰਮੇ ਕਰੀਅਰ ਤੋਂ ਖੁਸ਼ ਹਾਂ। ਹੁਣ ਜਦੋਂ ਮੈਂ 80 ਦੇ ਦਹਾਕੇ ਵਿੱਚ ਦਾਖਲ ਹੋ ਰਿਹਾ ਹਾਂ, ਸ਼ਾਇਦ ਪਰਿਵਾਰ ਅਤੇ ਪਤਨੀ ਨਾਲ ਹੋਰ ਸਮਾਂ ਬਿਤਾਉਣ ਦਾ ਸਮਾਂ ਆ ਗਿਆ ਹੈ।”

ਯੋਗਦਾਨ ਤੇ ਅਸਰ

ਰੈੱਡਫੋਰਡ ਸਿਰਫ਼ ਅਦਾਕਾਰ ਜਾਂ ਨਿਰਦੇਸ਼ਕ ਹੀ ਨਹੀਂ ਸਨ, ਸਗੋਂ ਵਾਤਾਵਰਣ ਪ੍ਰੇਮੀ, ਰਾਜਨੀਤਿਕ ਕਾਰਕੁਨ ਅਤੇ ਸਨਡੈਂਸ ਫਿਲਮ ਫੈਸਟੀਵਲ ਦੇ ਸੰਸਥਾਪਕ ਵੀ ਸਨ। ਇਸ ਫੈਸਟੀਵਲ ਨੇ ਦੁਨੀਆ ਭਰ ਦੇ ਨਵੇਂ ਫਿਲਮਕਾਰਾਂ ਨੂੰ ਮੰਚ ਦਿੱਤਾ। ਉਨ੍ਹਾਂ ਦੀ ਜ਼ਿੰਦਗੀ ਤੇ ਯੋਗਦਾਨ ਹਮੇਸ਼ਾਂ ਹਾਲੀਵੁੱਡ ਅਤੇ ਸਿਨੇਮਾ ਦੇ ਇਤਿਹਾਸ ‘ਚ ਯਾਦ ਰਹਿਣਗੇ।

Share it: