ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਘੱਟੋ-ਘੱਟ 20,000 ਕਰੋੜ ਰੁਪਏ ਦੀ ਸਹਾਇਤਾ ਮੰਗੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਐਲਾਨਿਆ ਗਿਆ 1,600 ਕਰੋੜ ਰੁਪਏ ਦਾ ਪੈਕੇਜ ਸੂਬੇ ਦੇ ਲੋਕਾਂ ਨਾਲ “ਵੱਡੀ ਨਾਇਨਸਾਫ਼ੀ” ਹੈ।
ਰਾਹੁਲ ਨੇ ਆਪਣੇ ਦੌਰੇ ਦੌਰਾਨ ਦੇਖੀ ਤਬਾਹੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਚਾਰ ਲੱਖ ਏਕੜ ਤੋਂ ਵੱਧ ਫਸਲ ਬਰਬਾਦ ਹੋ ਗਈ, 10 ਲੱਖ ਤੋਂ ਵੱਧ ਪਸ਼ੂ ਮਰ ਗਏ ਅਤੇ ਲੱਖਾਂ ਪਰਿਵਾਰ ਘਰੋਂ ਬੇਘਰ ਹੋਏ। ਉਨ੍ਹਾਂ ਅਨੁਸਾਰ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਅਤੇ ਬਹੁਤ ਜ਼ਮੀਨ ਖੇਤੀਯੋਗ ਨਹੀਂ ਰਹੀ।
ਰਾਹੁਲ ਨੇ ਪੰਜਾਬ ਦੇ ਲੋਕਾਂ ਦੀ ਦਰਿਆਦਿਲੀ ਨੂੰ ਵੀ ਯਾਦ ਕੀਤਾ ਕਿ ਕਿਵੇਂ ਮੁਸੀਬਤ ਵੇਲੇ ਉਨ੍ਹਾਂ ਨੇ ਅਜਨਬੀਆਂ ਲਈ ਆਪਣੇ ਘਰ ਖੋਲ੍ਹੇ ਅਤੇ ਜੋ ਕੁਝ ਸੀ, ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦੀ ਸਭ ਤੋਂ ਸੋਹਣੀ ਤਸਵੀਰ ਹੈ।
ਚਿੱਠੀ ਦੇ ਅੰਤ ਵਿੱਚ ਉਨ੍ਹਾਂ ਲਿਖਿਆ ਕਿ ਪੰਜਾਬ “ਫਿਰ ਖੜ੍ਹਾ ਹੋਵੇਗਾ”, ਪਰ ਇਸ ਲਈ ਕੇਂਦਰ ਸਰਕਾਰ ਨੂੰ ਵੱਡੇ ਪੱਧਰ ਦੀ ਸਹਾਇਤਾ ਦੇਣੀ ਹੋਵੇਗੀ ਤਾਂ ਜੋ ਕਿਸਾਨਾਂ ਤੇ ਪਰਿਵਾਰਾਂ ਨੂੰ ਭਵਿੱਖ ਮੁੜ ਬਣਾਉਣ ਵਿੱਚ ਮਦਦ ਮਿਲ ਸਕੇ।