ਜੈਮੀਨਾਈ ਐਪ ਤੇ ਵਿਵਾਦ: ਪੰਜਾਬ ਪੁਲਿਸ ਨੇ ਲੋਕਾਂ ਨੂੰ ਕਿਉਂ ਕੀਤਾ ਸਾਵਧਾਨ?

Gemini app warning Punjab Police

ਅੱਜਕੱਲ੍ਹ ਸੋਸ਼ਲ ਮੀਡੀਆ ’ਤੇ ਹਰ ਜਗ੍ਹਾ ਲੋਕਾਂ ਦੀਆਂ ਏਆਈ ਰਾਹੀਂ ਬਣੀਆਂ ਨਵੀਂ ਤਸਵੀਰਾਂ ਨਜ਼ਰ ਆ ਰਹੀਆਂ ਹਨ। ਖ਼ਾਸ ਕਰਕੇ ਕੁੜੀਆਂ ਦੀਆਂ ਸਾੜੀਆਂ ਪਹਿਨੀਆਂ, 90 ਦੇ ਦਹਾਕੇ ਦੀਆਂ ਹੀਰੋਇਨਾਂ ਵਰਗੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ। ਪਰ ਅਸਲ ਵਿੱਚ ਇਹ ਫੋਟੋਆਂ ਕਿਸੇ ਫੋਟੋਸ਼ੂਟ ਦੀ ਨਹੀਂ, ਸਗੋਂ ਗੂਗਲ ਦੇ ਏਆਈ ਟੂਲ “ਜੈਮੀਨਾਈ ਨੈਨੋ ਬਨਾਨਾ” ਨਾਲ ਬਣਾਈਆਂ ਗਈਆਂ ਹਨ।

ਜੈਮੀਨਾਈ ਕੀ ਹੈ?

ਗੂਗਲ ਦਾ ਇਹ ਨਵਾਂ ਟੂਲ Gemini 2.5 Flash Image ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲੋਕ ਇਸਨੂੰ “ਨੈਨੋ ਬਨਾਨਾ” ਵੀ ਕਹਿ ਰਹੇ ਹਨ। ਇਹ ਸਾਧਨ ਕਿਸੇ ਆਮ ਫੋਟੋ ਨੂੰ ਥ੍ਰੀਡੀ, ਰੈਟਰੋ ਜਾਂ ਰਚਨਾਤਮਕ ਰੂਪਾਂ ਵਿੱਚ ਬਦਲ ਸਕਦਾ ਹੈ।

ਇਸ ਨਾਲ ਉਪਭੋਗਤਾ ਆਪਣੀ ਸੈਲਫੀ ਦਾ ਬੈਕਗਰਾਊਂਡ ਬਦਲ ਸਕਦੇ ਹਨ, 80-90 ਦੇ ਦਹਾਕੇ ਵਾਲਾ ਫੈਸ਼ਨ ਜੋੜ ਸਕਦੇ ਹਨ ਜਾਂ ਪੁਰਾਣੇ ਸਟਾਈਲ ਦੇ ਪੋਟਰੇਟ ਬਣਾ ਸਕਦੇ ਹਨ।

ਪੰਜਾਬ ਪੁਲਿਸ ਦੀ ਚੇਤਾਵਨੀ

ਜਲੰਧਰ ਪੁਲਿਸ ਨੇ ਲੋਕਾਂ ਨੂੰ ਇਸ ਐਪ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਦੇ ਅਧਿਕਾਰੀਆਂ ਮੁਤਾਬਕ ਜੈਮੀਨਾਈ ਦੀਆਂ ਸ਼ਰਤਾਂ ਵਿੱਚ ਦਰਜ ਹੈ ਕਿ ਉਪਭੋਗਤਾਵਾਂ ਦੀਆਂ ਫੋਟੋਆਂ “ਟ੍ਰੇਨਿੰਗ ਮਕਸਦ” ਲਈ ਵਰਤੀ ਜਾ ਸਕਦੀਆਂ ਹਨ। ਇਸ ਕਰਕੇ ਡਾਟਾ ਗਲਤ ਹੱਥਾਂ ਵਿੱਚ ਜਾਣ ਦਾ ਖ਼ਤਰਾ ਹੈ ਅਤੇ ਸਾਈਬਰ ਕਰਾਈਮ ਦਾ ਸੰਭਾਵਨਾ ਬਣਦੀ ਹੈ।

ਏਆਈ ਕਿਵੇਂ ਕੰਮ ਕਰਦੀ ਹੈ?

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਉਹ ਤਕਨਾਲੋਜੀ ਹੈ ਜੋ ਕੰਪਿਊਟਰ ਨੂੰ ਮਨੁੱਖੀ ਸੋਚ ਦੀ ਤਰ੍ਹਾਂ ਕੰਮ ਕਰਨ ਯੋਗ ਬਣਾਉਂਦੀ ਹੈ। ਇਹ ਜਾਣਕਾਰੀ ਇਕੱਠੀ ਕਰਕੇ ਉਸ ਦੇ ਆਧਾਰ ’ਤੇ ਨਵੇਂ ਨਤੀਜੇ ਪੈਦਾ ਕਰਦੀ ਹੈ। ਅਸੀਂ ਰੋਜ਼ਾਨਾ ਫੋਨ, ਵੌਇਸ ਅਸਿਸਟੈਂਟ ਅਤੇ ਵੀਡੀਓ ਗੇਮਾਂ ਵਿੱਚ ਏਆਈ ਵਰਤ ਰਹੇ ਹਾਂ।

ਵਿਸ਼ੇਸ਼ਗਿਆਨਾਂ ਦੀ ਰਾਏ

ਡਾ. ਸੰਦੀਪ ਸਿੰਘ ਸੰਧਾ (ਏਆਈ ਵਿਸ਼ੇਸ਼ਗਿਆਨ) ਦੇ ਅਨੁਸਾਰ ਗੂਗਲ ਵਰਗੀ ਕੰਪਨੀ ਨਿੱਜੀ ਡਾਟਾ ਦੀ ਸੁਰੱਖਿਆ ਲਈ ਵਾਅਦੇ ਕਰਦੀ ਹੈ। ਪਰ ਜਦੋਂ ਫੋਟੋਆਂ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਜਾਂਦਾ ਹੈ, ਤਾਂ ਹੈਕਰ ਜਾਂ ਸ਼ਰਾਰਤੀ ਤੱਤ ਉਨ੍ਹਾਂ ਦਾ ਗਲਤ ਇਸਤੇਮਾਲ ਕਰ ਸਕਦੇ ਹਨ।

ਉਹ ਲੋਕਾਂ ਨੂੰ ਸਲਾਹ ਦਿੰਦੇ ਹਨ ਕਿ ਜੇਕਰ ਕੋਈ ਜੈਮੀਨਾਈ ਦੀ ਵਰਤੋਂ ਕਰੇ ਵੀ ਤਾਂ ਫੋਟੋਆਂ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਨਾ ਕੀਤਾ ਜਾਵੇ, ਸਿਰਫ਼ ਨਿੱਜੀ ਵਰਤੋਂ ਤੱਕ ਹੀ ਸੀਮਿਤ ਰੱਖਿਆ ਜਾਵੇ।

Share it: