ਪਟਿਆਲਾ ਕੇਂਦਰੀ ਜੇਲ੍ਹ ਵਿੱਚ ਹਮਲੇ ਦੌਰਾਨ ਜਖ਼ਮੀ ਹੋਏ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ਵਿੱਚ ਹੋ ਗਈ। ਉਹ ਇਸ ਵੇਲੇ ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਪਤਾ ਹੋਏ ਨੌਜਵਾਨਾਂ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਸਨ।
ਹਮਲਾ ਕਦੋਂ ਅਤੇ ਕਿਵੇਂ ਹੋਇਆ
10 ਸਤੰਬਰ ਨੂੰ ਜੇਲ੍ਹ ਵਿੱਚ ਬੰਦ ਕਤਲ ਕੇਸ ਦੇ ਹਵਾਲਾਤੀ ਸੰਦੀਪ ਸਿੰਘ ਉਰਫ਼ ਸੰਨੀ ਨੇ ਸਾਬਕਾ ਇੰਸਪੈਕਟਰ ਸੂਬਾ ਸਿੰਘ, ਸਾਬਕਾ ਡੀਐੱਸਪੀ ਗੁਰਬਚਨ ਸਿੰਘ ਅਤੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ’ਤੇ ਪਾਈਪ ਨਾਲ ਹਮਲਾ ਕੀਤਾ। ਇਸ ਵਿੱਚ ਸੂਬਾ ਸਿੰਘ ਗੰਭੀਰ ਜ਼ਖਮੀ ਹੋਏ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਗਏ।
ਹਮਲਾਵਰ ਕੌਣ ਹੈ
ਸੰਦੀਪ ਸਿੰਘ ਸਾਲ 2022 ਵਿੱਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਕਤਲ ਕੇਸ ਵਿੱਚ ਨਾਮਜ਼ਦ ਹੈ। ਉਸ ਉੱਤੇ ਅੰਮ੍ਰਿਤਸਰ ਵਿੱਚ ਗੋਲੀ ਮਾਰ ਕੇ ਕੀਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ।
ਸੂਬਾ ਸਿੰਘ ’ਤੇ ਲਗੇ ਦੋਸ਼
ਖਾੜਕੂਵਾਦ ਦੇ ਦੌਰਾਨ ਸੂਬਾ ਸਿੰਘ ਉੱਤੇ ਕਈ ਫ਼ਰਜ਼ੀ ਐਨਕਾਊਂਟਰ, ਨੌਜਵਾਨਾਂ ਨੂੰ ਅਗਵਾ ਕਰਨ ਤੇ ਲਾਪਤਾ ਕਰਨ ਦੇ ਦੋਸ਼ ਲੱਗੇ। ਵਕੀਲਾਂ ਦੇ ਅਨੁਸਾਰ ਉਹਨਾਂ ਖਿਲਾਫ਼ ਘੱਟੋ-ਘੱਟ ਛੇ ਮਾਮਲਿਆਂ ਵਿੱਚ ਸਜ਼ਾ ਹੋਈ ਸੀ, ਜਦਕਿ ਇਕ ਕੇਸ ਅਜੇ ਵੀ ਸੁਣਵਾਈ ਹੇਠ ਸੀ।
- ਅਗਸਤ 2024 ਵਿੱਚ, ਸੂਬਾ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ 1993 ਵਿੱਚ ਸੱਤ ਨੌਜਵਾਨਾਂ ਦੇ ਫ਼ਰਜ਼ੀ ਮੁਕਾਬਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
- 2020 ਵਿੱਚ, ਬਾਬਾ ਚਰਨ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਅਤੇ ਮਾਰਨ ਦੇ ਕੇਸ ਵਿੱਚ ਵੀ ਉਹ ਦੋਸ਼ੀ ਠਹਿਰਾਏ ਗਏ।
- ਹੋਰ ਕੇਸਾਂ ਵਿੱਚ ਗਲਤ ਰਿਕਾਰਡ ਬਣਾਉਣ ਅਤੇ ਨੌਜਵਾਨਾਂ ਨੂੰ ਜਬਰਨ ਲਾਪਤਾ ਕਰਨ ਦੇ ਦੋਸ਼ ਵੀ ਸਾਬਤ ਹੋਏ।
ਪਰਿਵਾਰ ਦੀ ਪ੍ਰਤੀਕਿਰਿਆ
ਵਕੀਲਾਂ ਦਾ ਦਾਅਵਾ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਪਰਿਵਾਰ ਨੇ ਸੂਬਾ ਸਿੰਘ ਦੀ ਕਸਟਡੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਉਸਦਾ ਇਲਾਜ ਜਾਰੀ ਰਹੇ ਅਤੇ ਤੰਦਰੁਸਤ ਹੋਣ ਉਪਰੰਤ ਹੀ ਜ਼ਮਾਨਤ ਆਰਡਰ ਲਾਗੂ ਕੀਤਾ ਜਾਵੇ।