ਜੇਲ੍ਹ ਵਿੱਚ ਬੰਦ ਵੱਖਵਾਦੀ ਨੇਤਾ ਯਾਸਿਨ ਮਲਿਕ ਨੇ ਦਿੱਲੀ ਹਾਈ ਕੋਰਟ ਵਿੱਚ ਦਾਖ਼ਲ ਹਲਫ਼ਨਾਮੇ ਰਾਹੀਂ ਕਿਹਾ ਹੈ ਕਿ ਉਸਦੇ ਖ਼ਿਲਾਫ਼ ਕਸ਼ਮੀਰੀ ਪੰਡਿਤਾਂ ਦੀ ਨਸਲਕੁਸ਼ੀ ਅਤੇ ਸਮੂਹਿਕ ਬਲਾਤਕਾਰ ਦੇ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ। ਉਸ ਨੇ ਦਲੀਲ ਦਿੱਤੀ ਕਿ ਮੀਡੀਆ ਅਤੇ ਜਾਂਚ ਏਜੰਸੀਆਂ ਨੇ ਉਸਦੇ ਖ਼ਿਲਾਫ਼ ਇੱਕ ਗਲਤ ਕਹਾਣੀ ਬਣਾਈ ਹੈ।
ਮਲਿਕ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਕਿ ਜੇ ਉਸਦੇ ਉੱਤੇ ਲੱਗੇ ਦੋਸ਼ਾਂ ਵਿੱਚ ਰਤਾ ਭਰ ਵੀ ਸੱਚਾਈ ਹੋਵੇ, ਤਾਂ ਉਹ ਬਿਨਾਂ ਕਿਸੇ ਮੁਕੱਦਮੇ ਦੇ ਖ਼ੁਦ ਨੂੰ ਸਜ਼ਾ-ਏ-ਮੌਤ ਦੇ ਦੇਵੇਗਾ। ਉਸ ਨੇ ਇਹ ਵੀ ਜ਼ਿਕਰ ਕੀਤਾ ਕਿ ਕਈ ਧਾਰਮਿਕ ਤੇ ਰਾਜਨੀਤਿਕ ਨੇਤਾ, ਸਮੇਤ ਸ਼ੰਕਰਾਚਾਰੀਆ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਸ ਨਾਲ ਸੰਪਰਕ ਵਿੱਚ ਰਹੇ ਹਨ।
ਉਸ ਨੇ ਦਲੀਲ ਦਿੱਤੀ ਕਿ ਅਧਿਕਾਰਤ ਰਿਕਾਰਡ ਵੀ ਇਹ ਸਾਬਤ ਕਰਦੇ ਹਨ ਕਿ ਕਸ਼ਮੀਰੀ ਪੰਡਿਤਾਂ ਦੀਆਂ ਬਹੁਤ ਸਾਰੀਆਂ ਹੱਤਿਆਵਾਂ 1996 ਤੋਂ ਬਾਅਦ ਹੋਈਆਂ, ਜਦਕਿ ਉਹ ਖੁਦ ਕਈ ਮੌਕਿਆਂ ’ਤੇ ਪੰਡਿਤ ਭਾਈਚਾਰੇ ਦੇ ਹੱਕ ਵਿੱਚ ਬੋਲਦਾ ਤੇ ਉਨ੍ਹਾਂ ਦੇ ਅੰਤਿਮ ਸੰਸਕਾਰਾਂ ਵਿੱਚ ਸ਼ਾਮਲ ਹੁੰਦਾ ਰਿਹਾ।
ਯਾਸਿਨ ਮਲਿਕ ਨੇ ਕਿਹਾ ਕਿ 1990 ਵਿੱਚ ਰਾਜਪਾਲ ਜਗਮੋਹਨ ਦੇ ਕਾਰਜਕਾਲ ਦੌਰਾਨ ਕਸ਼ਮੀਰੀ ਪੰਡਿਤਾਂ ਦਾ ਪਰਵਾਸ ਇੱਕ “ਯੋਜਨਾਬੱਧ ਕਦਮ” ਸੀ, ਜਿਸ ਵਿੱਚ ਲੋਕਾਂ ਨੂੰ ਖ਼ਤਰੇ ਤੋਂ ਬਚਾਉਣ ਲਈ ਹਿਜਰਤ ਕਰਨ ਦੀ ਸਲਾਹ ਦਿੱਤੀ ਗਈ ਸੀ।
ਅੰਤ ਵਿੱਚ ਮਲਿਕ ਨੇ ਐੱਨਆਈਏ ਦੀ ਕਾਰਵਾਈ ਨੂੰ “ਸ਼ਰਮਨਾਕ” ਦੱਸਦਿਆਂ ਕਿਹਾ ਕਿ ਇਹ ਦੋਸ਼ ਇਸ ਕਦਰ ਬੇਤੁਕੇ ਹਨ ਕਿ ਇਕ ਗਲੀ ਦਾ ਗੁੰਡਾ ਵੀ ਇਨ੍ਹਾਂ ਦੀ ਕਲਪਨਾ ਨਹੀਂ ਕਰ ਸਕਦਾ।