ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੂੰ ਸੱਤ ਵੱਡੇ ਅੰਤਰਰਾਸ਼ਟਰੀ ਟਕਰਾਅ ਰੋਕਣ ਲਈ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਟਰੰਪ ਦਾ ਦਾਅਵਾ ਹੈ ਕਿ ਉਹਨਾਂ ਦੀ ਨੀਤੀ ਅਤੇ ਵਪਾਰਕ ਦਬਾਅ ਕਾਰਨ ਕਈ ਦੇਸ਼ਾਂ ਵਿਚਾਲੇ ਹੋਣ ਵਾਲੀਆਂ ਲੜਾਈਆਂ ਟਲੀਆਂ ਹਨ।
ਟਰੰਪ ਨੇ ਇਕ ਕਾਰਜਕ੍ਰਮ ਦੌਰਾਨ ਕਿਹਾ ਕਿ ਉਹਨਾਂ ਨੇ ਭਾਰਤ-ਪਾਕਿਸਤਾਨ, ਥਾਈਲੈਂਡ-ਕੰਬੋਡੀਆ, ਆਰਮੀਨੀਆ-ਅਜ਼ਰਬਾਇਜਾਨ, ਕੋਸੋਵੋ-ਸਰਬੀਆ, ਇਜ਼ਰਾਈਲ-ਇਰਾਨ, ਮਿਸਰ-ਇਥੋਪੀਆ ਅਤੇ ਰਵਾਂਡਾ-ਕਾਂਗੋ ਵਿਚਾਲੇ ਸੰਘਰਸ਼ ਰੋਕਣ ਵਿਚ ਭੂਮਿਕਾ ਨਿਭਾਈ ਹੈ। ਉਨ੍ਹਾਂ ਮੁਤਾਬਕ, ਇਨ੍ਹਾਂ ਵਿਚੋਂ 60 ਫੀਸਦ ਟਕਰਾਅ ਵਪਾਰਕ ਦਬਾਅ ਕਾਰਨ ਖਤਮ ਹੋਏ।
ਭਾਰਤ-ਪਾਕਿਸਤਾਨ ਦੇ ਸੰਦਰਭ ਵਿੱਚ ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਜੰਗ ਸ਼ੁਰੂ ਕੀਤੀ ਤਾਂ ਅਮਰੀਕਾ ਵਪਾਰ ਨਹੀਂ ਕਰੇਗਾ। ਇਸ ਦਬਾਅ ਮਗਰੋਂ ਹੀ ਤਣਾਅ ਘਟਿਆ।
ਜ਼ਿਕਰਯੋਗ ਹੈ ਕਿ ਅਪਰੈਲ ਵਿੱਚ ਪਹਲਗਾਮ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ “ਅਪਰੇਸ਼ਨ ਸਿੰਧੂਰ” ਚਲਾਇਆ ਸੀ ਜਿਸ ਵਿੱਚ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਦੇ ਅਤਿਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਚਾਰ ਦਿਨ ਤੱਕ ਡਰੋਨ ਤੇ ਮਿਸਾਈਲ ਹਮਲਿਆਂ ਦੇ ਬਾਅਦ 10 ਮਈ ਨੂੰ ਦੋਵੇਂ ਪੱਖਾਂ ਵਿਚਾਲੇ ਸੰਘਰਸ਼ ਰੋਕਣ ਦੀ ਸਹਿਮਤੀ ਹੋਈ। ਭਾਰਤ ਦਾ ਕਹਿਣਾ ਹੈ ਕਿ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਡੀਜੀਐਮਓਜ਼ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਹੋਇਆ ਸੀ।