ਸਤਲੁਜ ਨੇ ਰਾਹ ਬਦਲਿਆ: ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਆਈ ਦਰਿਆ ਹੇਠਾਂ

Sutlej river damage

ਲੁਧਿਆਣਾ ਜ਼ਿਲ੍ਹੇ ਦੇ ਸਸਰਾਲੀ ਪਿੰਡ ਵਿੱਚ ਸਤਲੁਜ ਦਰਿਆ ਨੇ ਆਪਣਾ ਰੁਖ ਬਦਲਦਿਆਂ ਕਿਸਾਨਾਂ ਦੀ ਉਪਜਾਊ ਜ਼ਮੀਨ ਨੂੰ ਆਪਣੇ ਹੇਠਾਂ ਲੈ ਲਿਆ ਹੈ। ਪਿੰਡ ਵਾਸੀਆਂ ਦੇ ਮੁਤਾਬਕ ਦਰਿਆ ਹਰ ਰੋਜ਼ 8 ਤੋਂ 10 ਫੁੱਟ ਪਿੰਡ ਵੱਲ ਵੱਧ ਰਿਹਾ ਹੈ ਅਤੇ ਹੁਣ ਤੱਕ 200 ਏਕੜ ਤੋਂ ਵੱਧ ਜ਼ਮੀਨ ਦਰਿਆ ਹੇਠਾਂ ਆ ਗਈ ਹੈ।

ਕਿਸਾਨ ਤੇਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ 5 ਏਕੜ ਜ਼ਮੀਨ, ਜਿਸ ਵਿੱਚ ਝੋਨਾ ਤੇ ਪਸ਼ੂਆਂ ਲਈ ਚਾਰਾ ਬੀਜਿਆ ਗਿਆ ਸੀ, ਪੂਰੀ ਤਰ੍ਹਾਂ ਨੁਕਸਾਨੀ ਹੋ ਚੁੱਕੀ ਹੈ। “ਸਤਲੁਜ ਸਾਡਾ ਸਭ ਕੁਝ ਲੈ ਗਿਆ, ਹੁਣ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ,” ਉਨ੍ਹਾਂ ਕਿਹਾ।

ਇਸੇ ਤਰ੍ਹਾਂ ਤਰਨ ਤਾਰਨ ਦੇ ਮਨਜੀਤ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਨੇ ਵੀ ਉਸ ਦੀਆਂ 35 ਏਕੜਾਂ ਵਿੱਚੋਂ 33 ਏਕੜ ਜ਼ਮੀਨ ਨਿਗਲ ਲਈ ਹੈ। ਨਿਹਾਲ ਸਿੰਘ ਦੇ ਅਨੁਸਾਰ, ਉਸ ਦੀ 18 ਏਕੜ ਜ਼ਮੀਨ ਅਤੇ ਮੋਟਰ ਵੀ ਦਰਿਆ ਨਾਲ ਰੁੜ੍ਹ ਗਏ ਹਨ।

ਦਰਿਆ ਰਾਹ ਕਿਉਂ ਬਦਲਦੇ ਹਨ?

ਮਾਹਿਰਾਂ ਅਨੁਸਾਰ, ਦਰਿਆ ਰਾਹ ਦੋ ਮੁੱਖ ਕਾਰਨਾਂ ਕਰਕੇ ਬਦਲਦੇ ਹਨ:

  1. ਟੈਕਟੋਨਿਕ ਪਲੇਟਾਂ ਦੀ ਹਰਕਤ – ਧਰਤੀ ਦੀਆਂ ਪਲੇਟਾਂ ਹਿਲਣ ਕਾਰਨ ਦਰਿਆ ਆਪਣਾ ਨਵਾਂ ਰਸਤਾ ਬਣਾਉਂਦੇ ਹਨ।
  2. ਮਨੁੱਖੀ ਦਖਲਅੰਦਾਜ਼ੀ – ਖੁਦਾਈ, ਰੇਤ ਖਿੱਚਣਾ ਅਤੇ ਬਿਨਾਂ ਯੋਜਨਾ ਵਰਤੀ ਜ਼ਮੀਨ ਕਾਰਨ ਦਰਿਆ ਘੱਟ ਸਮੇਂ ਵਿੱਚ ਰੁਖ ਬਦਲ ਲੈਂਦੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਪ੍ਰੋ. ਜੀ.ਸੀ. ਹੀਰਾ ਮੁਤਾਬਕ, ਜਦੋਂ ਦਰਿਆ ਨੂੰ ਨੀਵਾਂ ਰਸਤਾ ਮਿਲਦਾ ਹੈ, ਉਹ ਉੱਥੇ ਵਗਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਦਰਿਆ ਦੇ ਨੇੜੇ ਜ਼ਮੀਨ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।

ਮੁਆਵਜ਼ੇ ਦੀ ਗੱਲ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ SDRF ਨਿਯਮਾਂ ਅਨੁਸਾਰ ਜਿਹੜੇ ਕਿਸਾਨਾਂ ਦੀਆਂ 2 ਹੈਕਟੇਅਰ ਤੋਂ ਘੱਟ ਜ਼ਮੀਨ ਦਰਿਆ ਹੇਠ ਗਈ ਹੈ, ਉਨ੍ਹਾਂ ਨੂੰ 47,000 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦਿੱਤਾ ਜਾ ਸਕਦਾ ਹੈ।

ਪ੍ਰਸ਼ਾਸਨ ਮੁਤਾਬਕ, ਸਤਲੁਜ ਨੂੰ ਪੁਰਾਣੇ ਰਸਤੇ ਵੱਲ ਮੋੜਨ ਲਈ ਖੁਦਾਈ ਜਾਰੀ ਹੈ ਅਤੇ ਨਾਲ ਹੀ ਦਰਿਆ ਦੇ ਕੱਟੇ ਨੂੰ ਰੋਕਣ ਲਈ ਉਪਾਇਆ ਕੀਤੇ ਜਾ ਰਹੇ ਹਨ।

Share it: