ਅੱਜ ਯੂਰਪ ਦੇ ਕਈ ਮੁੱਖ ਹਵਾਈ ਅੱਡਿਆਂ ’ਤੇ ਸਾਈਬਰ ਹਮਲੇ ਕਾਰਨ ਚੈਕ-ਇਨ ਅਤੇ ਬੋਰਡਿੰਗ ਪ੍ਰਣਾਲੀ ਠੱਪ ਹੋ ਗਈ। ਇਸ ਦੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਸਭ ਤੋਂ ਵੱਧ ਅਸਰ ਪਿਆ, ਜਿੱਥੇ ਲਗਭਗ 140 ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਲੰਬੀਆਂ ਕਤਾਰਾਂ ਲੱਗ ਗਈਆਂ। ਬਰੱਸਲਜ਼ ਵਿੱਚ 100 ਤੋਂ ਵੱਧ ਅਤੇ ਬਰਲਿਨ ਵਿੱਚ ਕਰੀਬ 60 ਉਡਾਣਾਂ ਰੱਦ ਜਾਂ ਦੇਰੀ ਨਾਲ ਚੱਲਣੀਆਂ ਪਈਆਂ।
ਪ੍ਰਬੰਧਕਾਂ ਮੁਤਾਬਕ, ਆਨਲਾਈਨ ਸਿਸਟਮ ਡਾਊਨ ਹੋਣ ਕਾਰਨ ਸਿਰਫ਼ ਮੈਨੁਅਲ ਚੈਕ-ਇਨ ਦੀ ਸਹੂਲਤ ਉਪਲਬਧ ਕਰਵਾਈ ਗਈ, ਜਿਸ ਨਾਲ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ।
ਪੋਲੈਂਡ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਹਵਾਈ ਅੱਡਿਆਂ ’ਤੇ ਸਾਈਬਰ ਹਮਲੇ ਦਾ ਅਸਰ ਨਹੀਂ ਪਿਆ। ਦੂਜੇ ਪਾਸੇ, ਯੂਰਪ ਦੇ ਹੋਰ ਹਵਾਈ ਅੱਡਿਆਂ ’ਤੇ ਸੁਰੱਖਿਆ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਲੰਡਨ ਦੇ ਹੀਥਰੋ ਹਵਾਈ ਅੱਡੇ ਨੇ ਦੱਸਿਆ ਕਿ ਕੋਲਿਨਜ਼ ਏਅਰੋਸਪੇਸ ਸਾਫਟਵੇਅਰ, ਜੋ ਵਿਸ਼ਵ ਪੱਧਰ ’ਤੇ ਕਈ ਏਅਰਲਾਈਨਾਂ ਨੂੰ ਚੈਕ-ਇਨ ਅਤੇ ਬੋਰਡਿੰਗ ਸੇਵਾਵਾਂ ਦਿੰਦਾ ਹੈ, ਉਸ ਵਿੱਚ ਤਕਨੀਕੀ ਖਰਾਬੀ ਕਾਰਨ ਇਹ ਗੰਭੀਰ ਰੁਕਾਵਟ ਪੈਦਾ ਹੋਈ।