ਪੰਜਾਬ ਸਰਕਾਰ ਨੇ ਮਾਧੋਪੁਰ ਹੈੱਡ ਵਰਕਸ ਦੇ ਤਿੰਨ ਫਲੱਡ ਗੇਟਾਂ ਦੇ ਟੁੱਟਣ ਦੀ ਘਟਨਾ ਦੀ ਜਾਂਚ ਲਈ ਉੱਚ ਪੱਧਰੀ ਕਦਮ ਚੁੱਕਦੇ ਹੋਏ ਅੱਜ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮਾਹਿਰਾਂ ਦੀ ਕਮੇਟੀ ਤਿਆਰ ਕੀਤੀ ਹੈ।
ਜਲ ਸਰੋਤ ਵਿਭਾਗ ਦੇ ਸਟੇਟ ਡੈਮ ਸੇਫ਼ਟੀ ਆਰਗੇਨਾਈਜ਼ੇਸ਼ਨ ਵੱਲੋਂ ਬਣਾਈ ਗਈ ਇਸ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹਾਈਡਰੋ ਮਕੈਨਿਕਲ ਵਿਸ਼ੇਸ਼ਗਿਆਰ ਏ ਕੇ ਬਜਾਜ ਕਰ ਰਹੇ ਹਨ। ਕਮੇਟੀ ਵਿੱਚ ਹੋਰ ਮਾਹਿਰਾਂ ਪ੍ਰਦੀਪ ਕੁਮਾਰ ਗੁਪਤਾ (ਜਿਓਟੈਕਨੀਕਲ), ਸੰਜੀਵ ਸੂਰੀ (ਹਾਈਡ੍ਰੋਲੋਜੀ), ਐਨ ਕੇ ਜੈਨ (ਸਿਵਲ ਤੇ ਸਟ੍ਰੱਕਚਰਲ) ਅਤੇ ਵਿਆਸ ਦੇਵ (ਮਕੈਨਿਕਲ) ਨੂੰ ਸ਼ਾਮਲ ਕੀਤਾ ਗਿਆ ਹੈ।
ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਐਕਸੀਅਨ ਨਿਤਿਨ ਸੂਦ, ਐੱਸਡੀਓ ਅਰੁਣ ਕੁਮਾਰ ਅਤੇ ਜੂਨੀਅਰ ਇੰਜਨੀਅਰ ਸਚਿਨ ਠਾਕੁਰ ਹਨ। ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਜੋ ਜਾਂਚ ‘ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਪਵੇ।
27 ਅਗਸਤ ਨੂੰ ਦੁਪਹਿਰ ਕਰੀਬ 2:30 ਵਜੇ, ਰਾਵੀ ਦਰਿਆ ਉੱਤੇ ਬਣੇ ਮਾਧੋਪੁਰ ਹੈੱਡ ਵਰਕਸ ਦੇ ਤਿੰਨ ਫਲੱਡ ਗੇਟ ਟੁੱਟ ਗਏ ਸਨ। ਜਾਣਕਾਰੀ ਮੁਤਾਬਕ, ਹੜ੍ਹ ਦੌਰਾਨ ਜਦੋਂ ਪਾਣੀ ਦੇ ਵਹਾਅ ਨੂੰ ਨਿਯੰਤਰਿਤ ਕਰਨ ਲਈ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਉਸ ਵੇਲੇ ਇਹ ਹਾਦਸਾ ਵਾਪਰਿਆ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਘਟਨਾ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਿਰਫ਼ ਅਧਿਕਾਰੀਆਂ ਨੂੰ ਮੁਅੱਤਲ ਕਰਨਾ ਕਾਫ਼ੀ ਨਹੀਂ, ਸਗੋਂ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਤੇ ਜਲ ਸਰੋਤ ਮੰਤਰੀ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ।
ਪੌਂਗ ਡੈਮ ਵਿੱਚ ਪਾਣੀ ਸਮਰੱਥਾ ਤੋਂ ਵੱਧ
ਇਸੇ ਦੌਰਾਨ, ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਦਰਿਆ ਉੱਤੇ ਬਣੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਨਿਰਧਾਰਤ ਸੀਮਾ ਨਾਲੋਂ ਲਗਭਗ 10 ਫੁੱਟ ਉੱਪਰ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਨਸੂਨ ਦੇ ਹੌਲੀ ਵਾਪਸ ਜਾਣ ਕਾਰਨ ਇਹ ਸਥਿਤੀ ਬਣੀ ਹੈ।
ਭਾਖੜਾ ਬਿਆਸ ਪ੍ਰਬੰਧਨ ਬੋਰਡ ਮੁਤਾਬਕ, ਡੈਮ ਵਿੱਚ ਸਵੇਰੇ ਪਾਣੀ ਦਾ ਪੱਧਰ 1399.93 ਫੁੱਟ ਸੀ, ਜਦੋਂ ਕਿ ਇਸ ਦੀ ਸਮਰੱਥਾ 1390 ਫੁੱਟ ਹੈ। ਹਾਲਾਂਕਿ, ਇਹ ਡੈਮ 1421 ਫੁੱਟ ਤੱਕ ਪਾਣੀ ਰੱਖ ਸਕਦਾ ਹੈ।
ਦੂਜੇ ਪਾਸੇ, ਸਤਲੁਜ ਦਰਿਆ ਉੱਤੇ ਬਣੇ ਭਾਖੜਾ ਡੈਮ ਵਿੱਚ ਵੀ ਪਾਣੀ ਦਾ ਪੱਧਰ 1677.70 ਫੁੱਟ ਦਰਜ ਕੀਤਾ ਗਿਆ ਹੈ, ਜੋ ਵੱਧ ਤੋਂ ਵੱਧ ਸਮਰੱਥਾ 1680 ਫੁੱਟ ਤੋਂ ਕੇਵਲ ਦੋ ਫੁੱਟ ਘੱਟ ਹੈ।