ਕੌਮਾਂਤਰੀ ਡੈਸਕ ਵਿਸ਼ੇਸ਼
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਵੀਂ ਦਿੱਲੀ ਵਿੱਚ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਨੇ ਰੱਖਿਆ, ਵਪਾਰ ਅਤੇ ਊਰਜਾ ਖੇਤਰ ਵਿੱਚ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ। ਮੋਦੀ ਨੇ ਪੁਤਿਨ ਨਾਲ ਆਪਣੇ “ਅਟੁੱਟ ਰਿਸ਼ਤੇ” ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਰਤ–ਰੂਸ ਸੰਬੰਧ ਧ੍ਰੂਵ ਤਾਰੇ ਵਾਂਗ ਸਥਿਰ ਹਨ।
ਇਹ ਪੁਤਿਨ ਦਾ 2022 ਵਿੱਚ ਯੂਕਰੇਨ ਯੁੱਧ ਤੋਂ ਬਾਅਦ ਭਾਰਤ ਦਾ ਪਹਿਲਾ ਦੌਰਾ ਸੀ, ਜਿਸ ਨਾਲ ਦੁਨੀਆ ਨੂੰ ਇਹ ਸੰਦੇਸ਼ ਮਿਲਦਾ ਹੈ ਕਿ ਰੂਸ ਪਾਬੰਦੀਆਂ ਦੇ ਬਾਵਜੂਦ ਇਕੱਲਾ ਨਹੀਂ ਹੋਇਆ। ਭਾਰਤ ਰੂਸੀ ਤੇਲ ਅਤੇ ਸੈਨਾ ਸਾਜ਼ੋ-ਸਾਮਾਨ ‘ਤੇ ਨਿਰਭਰ ਹੈ, ਪਰ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਸੰਤੁਲਿਤ ਹੈ—ਭਾਰਤ 60 ਬਿਲੀਅਨ ਡਾਲਰ ਤੋਂ ਵੱਧ ਰੂਸੀ ਆਯਾਤ ਕਰਦਾ ਹੈ ਪਰ ਨਿਰਯਾਤ ਕੇਵਲ 5 ਬਿਲੀਅਨ ਡਾਲਰ ਦੇ ਕਰੀਬ ਹੈ।
ਦੋਵਾਂ ਨੇ 2030 ਤੱਕ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਟੀਚਾ ਰੱਖਿਆ ਹੈ। ਪੁਤਿਨ ਨੇ ਭਾਰਤ ਨੂੰ ਤੇਲ, ਗੈਸ, ਕੋਲਾ ਅਤੇ ਪਰਮਾਣੂ ਊਰਜਾ ਦੀ ਸਪਲਾਈ ਜਾਰੀ ਰੱਖਣ ਦਾ ਭਰੋਸਾ ਦਿੱਤਾ। ਰੂਸ ਤਾਮਿਲਨਾਡੂ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਿਵਲ ਪਰਮਾਣੂ ਬਿਜਲੀ ਘਰ ਵੀ ਤਿਆਰ ਕਰ ਰਿਹਾ ਹੈ।
ਵਿਸ਼ਲੇਸ਼ਕਾਂ ਦੇ ਮੁਤਾਬਕ, ਰੂਸ ਹੁਣ ਭਾਰਤ ਦੇ ਮਾਰਕੀਟ ਨੂੰ ਵਧੇਰੇ ਮਹੱਤਤਾ ਦੇ ਰਿਹਾ ਹੈ ਕਿਉਂਕਿ ਪੱਛਮੀ ਮਾਰਕੀਟਾਂ ‘ਤੇ ਨਿਰਭਰਤਾ ਘੱਟ ਹੋ ਗਈ ਹੈ। ਮੋਦੀ ਲਈ ਰੂਸ ਨਾਲ ਨਜ਼ਦੀਕੀ ਇਸ ਲਈ ਵੀ ਮਹੱਤਵਪੂਰਨ ਹੈ ਤਾਂ ਜੋ ਰੂਸ–ਚੀਨ ਗੱਠਜੋੜ ਦੇ ਪ੍ਰਭਾਵ ਨੂੰ ਸੰਤੁਲਿਤ ਕੀਤਾ ਜਾ ਸਕੇ।



