ਦੂਜੇ ਵਿਸ਼ਵ ਯੁੱਧ ਦਾ ਜ਼ਿੰਦਾ ਬੰਬ ਮਿਲਿਆ, ਹਾਂਗਕਾਂਗ ’ਚ ਹੜਕੰਪ

WW2 bomb found in Hong Kong

ਹਾਂਗਕਾਂਗ ਵਿੱਚ ਉਸਾਰੀ ਦੌਰਾਨ ਖੁਦਾਈ ਕਰਦੇ ਸਮੇਂ ਇੱਕ 450 ਕਿਲੋਗ੍ਰਾਮ ਭਾਰੀ ਤੇ ਲਗਭਗ ਸਵਾ ਮੀਟਰ ਲੰਬਾ ਬੰਬ ਮਿਲਣ ਨਾਲ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ। ਇਹ ਬੰਬ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ।

ਬੰਬ ਦੀ ਸੂਚਨਾ ਮਿਲਣ ਉੱਤੇ ਇਲਾਕਾ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਕਰੀਬ 6 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਅਤੇ ਪੁਲੀਸ ਨੇ ਚੌਕਸੀ ਵਧਾ ਦਿੱਤੀ। ਮਾਹਿਰਾਂ ਦਾ ਕਹਿਣਾ ਹੈ ਕਿ ਪੁਰਾਣੇ ਹੋਣ ਦੇ ਬਾਵਜੂਦ ਅਜਿਹੇ ਬੰਬਾਂ ਵਿੱਚ ਮੌਜੂਦ ਬਾਰੂਦ ਖਤਰਨਾਕ ਹੀ ਰਹਿੰਦਾ ਹੈ।

ਬੰਬ ਨਿਰੋਧਕ ਟੀਮ ਨੇ ਧਿਆਨ ਨਾਲ ਕਾਰਵਾਈ ਕਰਕੇ ਇਲਾਕੇ ਨੂੰ ਸੁਰੱਖਿਅਤ ਬਣਾਇਆ। ਜਾਣਕਾਰੀ ਮੁਤਾਬਕ, ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ ਜਹਾਜ਼ਾਂ ਨੇ ਹਾਂਗਕਾਂਗ ’ਤੇ ਬੰਬਾਰੀ ਕੀਤੀ ਸੀ, ਜਿਸ ਕਾਰਨ ਅਜੇ ਵੀ ਇਸ ਖੇਤਰ ਵਿੱਚ ਕਦੇ-ਕਦੇ ਜ਼ਿੰਦੇ ਬੰਬ ਮਿਲਦੇ ਹਨ।

ਇਹ ਹਾਲਾਤ ਸਿਰਫ਼ ਹਾਂਗਕਾਂਗ ਤੱਕ ਸੀਮਿਤ ਨਹੀਂ ਹਨ। ਜਰਮਨੀ ਵਰਗੇ ਕਈ ਯੂਰਪੀ ਦੇਸ਼ਾਂ ਵਿੱਚ ਵੀ ਹਰ ਸਾਲ ਖੁਦਾਈ ਦੌਰਾਨ ਅਜਿਹੇ ਬੰਬ ਮਿਲਦੇ ਹਨ। ਜੂਨ 2025 ਵਿੱਚ ਜਰਮਨੀ ਵਿੱਚ ਤਿੰਨ ਬੰਬ ਲੱਭੇ ਜਾਣ ਤੋਂ ਬਾਅਦ 20,000 ਲੋਕਾਂ ਨੂੰ ਖਾਲੀ ਕਰਵਾਇਆ ਗਿਆ ਸੀ।

Share it: